ਪਿਜਿਨ ਭਾਸ਼ਾਵਾਂ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪਿਜਿਨ ਭਾਸ਼ਾਵਾਂ: ਜਦੋਂ ਦੋ ਵੱਖਰੀਆਂ ਭਾਸ਼ਾਵਾਂ ਦੇ ਲੋਕ ਆਪਸ ਵਿਚ ਗੱਲਬਾਤ ਕਰਨ ਦੀ ਇਕ ਸੀਮਤ ਸਮਰੱਥਾ ਰੱਖਦੇ ਹੋਣ ਤਾਂ ਉਸ ਸਥਿਤੀ ਵਿਚੋਂ ਸਿਰਜੀ ਗਈ ਭਾਸ਼ਾ ਨੂੰ ਪਿਜਿਨ ਭਾਸ਼ਾ ਕਿਹਾ ਜਾਂਦਾ ਹੈ। ਇਹ ਦੋਵੇਂ ਭਾਸ਼ਾਵਾਂ ਜ਼ਰੂਰੀ ਨਹੀਂ ਪਰਿਵਾਰ ਦੇ ਪੱਖ ਤੋਂ ਅਤੇ ਬਣਤਰ ਦੇ ਪੱਖ ਤੋਂ ਨੇੜਲੀਆਂ ਹੋਣ ਸਗੋਂ ਦੁਰਾਡੀਆਂ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇਸ ਪਰਕਾਰ ਦੇ ਭਾਸ਼ਾਈ ਰੂਪਾਂ ਦੀ ਵਰਤੋਂ ਵਪਾਰੀ, ਸੈਲਾਨੀ ਆਦਿ ਕਰਦੇ ਹਨ। ਇਹ ਭਾਸ਼ਾ ਕੁਝ ਕੁ ਉਨ੍ਹਾਂ ਸ਼ਬਦਾਂ ਤੇ ਜਾਂ ਧੁਨੀਆਂ ’ਤੇ ਅਧਾਰਤ ਹੁੰਦੀ ਹੈ ਜੋ ਕਿਸੇ ਵਿਸ਼ੇਸ਼ ਕਿੱਤੇ ਨਾਲ ਸਬੰਧਤ ਹੋਣ। ਦੋ ਭਾਸ਼ਾਵਾਂ ਦੇ ਬੁਲਾਰੇ ਕੁਝ ਸੀਮਤ ਧੁਨੀਆਂ ਜਾਂ ਸ਼ਬਦ ਰੂਪਾਂ ਦੀ ਵਰਤੋਂ ਨਾਲ ਇਕ ਵਿਸ਼ੇਸ਼ ਭਾਸ਼ਾ ਦੀ ਸਿਰਜਨਾ ਕਰਦੇ ਹਨ ਜਿਹੜੀ ਸੰਚਾਰ ਦੀ ਸੁਵਿਧਾ ਲਈ ਵਰਤੀ ਜਾਂਦੀ ਹੈ। ਇਸ ਪਰਕਾਰ ਦੇ ਭਾਸ਼ਾਈ ਵਰਤਾਰੇ ਨਾਲ ਭਾਸ਼ਾਵਾਂ ਦੀ ਬਣਤਰ ਤੇ ਕੋਈ ਅਸਰ ਨਹੀਂ ਪੈਂਦਾ। ਪਿਜਿਨ ਭਾਸ਼ਾ ਇਕ ਫੌਰੀ ਲੋੜ ਵਿਚੋਂ ਪੈਦਾ ਹੁੰਦੀ ਹੈ ਅਤੇ ਉਸ ਸਥਿਤੀ ਦੇ ਖਤਮ ਹੋ ਜਾਣ ਨਾਲ ਇਸ ਦਾ ਸਰੂਪ ਅਲੋਪ ਹੋ ਜਾਂਦਾ ਹੈ ਅਤੇ ਲੋੜ ਪੈਣ ’ਤੇ ਇਸ ਨੂੰ ਸਿਰਜ ਲਿਆ ਜਾਂਦਾ ਹੈ। ਪਿਜਿਨ ਭਾਸ਼ਾਵਾਂ ਦੀ ਸਥਾਪਤੀ ਦੇ ਕੁਝ ਅਧਾਰਾਂ ਨੂੰ ਧਿਆਨ ਵਿਚ ਰੱਖਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਭਾਸ਼ਾਈ ਸੰਪਰਕ ਦੀ ਸਥਿਤੀ ਨੂੰ ਅਧਾਰ ਬਣਾਇਆ ਜਾਂਦਾ ਹੈ ਭਾਵ ਕਿਹੜੇ ਲੋਕਾਂ ਦਾ ਕਿਸ ਸਥਿਤੀ ਵਿਚ ਸੰਪਰਕ ਹੋ ਰਿਹਾ ਹੈ ਅਤੇ ਉਸ ਸੰਪਰਕ ਦੀ ਫੌਰੀ ਲੋੜ ਕੀ ਹੈ। ਪਰੇਰਨਾ ਇਸ ਦਾ ਦੂਜਾ ਅਧਾਰ ਹੈ ਭਾਵ ਜੋ ਲੋਕ ਇਸ ਰੂਪ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਇਸ ਦੀ ਕਿੰਨੀ ਸ਼ਿੱਦਤ ਨਾਲ ਲੋੜ ਹੈ। ਪਿਜਿਨ ਭਾਸ਼ਾਵਾਂ ਦੀ ਵਰਤੋਂ ਨਾਲ ਦੋ-ਭਾਸ਼ਕਤਾ ਦੀ ਸਥਿਤੀ ਪੈਦਾ ਹੁੰਦੀ ਹੈ। ਇਹ ਦੋ-ਭਾਸ਼ਕਤਾ ਦਾ ਮੁੱਢਲਾ ਪੜਾ ਹੈ ਜੇਕਰ ਇਸ ਵਿਚ ਨਿਰੰਤਰਤਾ ਆ ਜਾਵੇ ਤਾਂ ਇਨ੍ਹਾਂ ਵਿਚ ਦੋ-ਭਾਸ਼ਕਤਾ ਵਾਲੇ ਲੱਛਣ ਉਜਾਗਰ ਹੋਣ ਲੱਗ ਜਾਂਦੇ ਹਨ। ਭਾਸ਼ਾਈ ਪਰਿਵਰਤਨ ਇਸ ਦਾ ਅਗਲਾ ਅਧਾਰ ਹੈ। ਦੋਹਾਂ ਭਾਸ਼ਾਵਾਂ ਦੀ ਵਿਆਕਰਨ ਵਿਚ ਕੋਈ ਪਵਿਰਤਨ ਨਹੀਂ ਵਾਪਰਦਾ ਕਿਉਂਕਿ ਇਹ ਭਾਸ਼ਾ ਧੁਨੀ\ਸ਼ਬਦ ਅਧਾਰਤ ਹੁੰਦੀ ਹੈ। ਪਿਜਿਨ ਭਾਸ਼ਾਵਾਂ ਲਈ ਸੌਖੀਆਂ ਅਤੇ ਸੌਖ ਨਾਲ ਉਚਾਰਨ ਯੋਗ ਧੁਨੀਆਂ ਨੂੰ ਅਤੇ ਦੋਹਾਂ ਭਾਸ਼ਾਵਾਂ ਦੇ ਵਿਆਕਰਨਕ ਨੇਮਾਂ ਨੂੰ ਅਧਾਰ ਬਣਾਇਆ ਜਾਂਦਾ ਹੈ ਪਰ ਉਹ ਹੀ ਵਿਆਕਰਨਕ ਨੇਮ ਵਰਤੇ ਜਾਂਦੇ ਹਨ ਜੋ ਸਰਲ ਹੁੰਦੇ ਹਨ। ਇਨ੍ਹਾਂ ਅਧਾਰਾਂ ਨੂੰ ਅਧਿਅਨ ਦਾ ਵਿਸ਼ਾ ਬਣਾ ਕੇ ਪਿਜਿਨ ਭਾਸ਼ਾ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.